ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ‘ਤੇ ਲੁਧਿਆਣਾ ਦੀ ਜਾਮਾ ਮਸਜਿਦ ਦੇ ਬਾਹਰ ਹਮਲਾ ਹੋਇਆ ਹੈ। ਇਕ ਵਿਅਕਤੀ ਅਤੇ ਉਸ ਦੇ ਪੁੱਤਰਾਂ ਨੇ ਉਸ ‘ਤੇ ਇੱਟਾਂ ਰੋੜੇ ਮਾਰੇ, ਜਦਕਿ ਇਕ ਦੋਸ਼ੀ ਨੇ ਉਸ ਨੂੰ ਥੱਪੜ ਵੀ ਮਾਰਿਆ। ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਹਮਲੇ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ।ਪੁਲਿਸ ਡਿਵੀਜ਼ਨ-2 ਨੇ ਉਬੇਦ ਉਰ ਰਹਿਮਾਨ, ਉਸ ਦੇ ਪੁੱਤਰਾਂ ਅਤੀਕ ਉਰ ਰਹਿਮਾਨ ਅਤੇ ਮੁਹੰਮਦ ਅਹਿਮਦ ਵਾਸੀ ਬ੍ਰਾਊਨ ਰੋਡ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਇਹ ਘਟਨਾ ਮਸਜਿਦ ਦੇ ਅੰਦਰ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਨਾਲ ਚੱਲ ਰਹੇ ਝਗੜੇ ਦਾ ਨਤੀਜਾ ਦੱਸਿਆ ਜਾ ਰਿਹਾ ਹੈ। ਦੁਕਾਨਦਾਰ ਨੇ ਦਾਅਵਾ ਕੀਤਾ ਕਿ ਉਹ ਦੁਕਾਨ ਦਾ ਮਾਲਕ ਹੈ, ਪਰ ਮਸਜਿਦ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਦੁਕਾਨ ਉਨ੍ਹਾਂ ਦੀ ਹੈ ਅਤੇ ਇਸ ਸਬੰਧੀ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਸੀ।ਰਿਪੋਰਟਾਂ ਅਨੁਸਾਰ 1 ਫਰਵਰੀ ਨੂੰ ਜਦੋਂ ਜਾਮਾ ਮਸਜਿਦ ਦੇ ਪ੍ਰਬੰਧਕ ਸ਼ਾਹੀ ਇਮਾਮ ਅਤੇ ਇੱਕ ਹੋਰ ਵਿਅਕਤੀ ਚੱਲ ਰਹੇ ਮੁਰੰਮਤ ਦੇ ਕੰਮ ਦੀ ਦੇਖ-ਰੇਖ ਕਰ ਰਹੇ ਸਨ ਤਾਂ ਕਥਿਤ ਵਿਅਕਤੀਆਂ ਨੇ ਮਸਜਿਦ ਦੇ ਬਾਹਰ ਸ਼ਾਹੀ ਇਮਾਮ ਅਤੇ ਹੋਰਾਂ ‘ਤੇ ਹਮਲਾ ਕਰ ਦਿੱਤਾ। ਬਾਅਦ ‘ਚ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਅਤੇ ਪੁਲਸ ਨੂੰ ਬੁਲਾਇਆ ਗਿਆ।


