ਥਾਣਾ ਸਿਟੀ-1 ਦੀ ਪੁਲਸ ਨੇ ਆਪਣੀ ਪਤਨੀ ਦੀ ਫਾਹਾ ਲਗਾ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਭੁਗਤਣ ਤੋਂ ਬਾਅਦ ਫਰਾਰ ਹੋਏ ਫੌਜ ਦੇ ਮੁਅੱਤਲ ਕੈਪਟਨ ਨੂੰ ਗ੍ਰਿਫਤਾਰ ਕੀਤਾ ਹੈ। ਉਹ ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿਖੇ ਇੱਕ ਜੂਸ ਫੈਕਟਰੀ ਵਿੱਚ ਸੈਕਸ਼ਨ ਇੰਚਾਰਜ ਵਜੋਂ ਕੰਮ ਕਰਦਾ ਪਾਇਆ ਗਿਆ।ਪੁਲਿਸ ਦੇ ਅਨੁਸਾਰ, ਸੰਦੀਪ ਤੋਮਰ, ਕਾਨਪੁਰ ਦਾ ਮੂਲ ਨਿਵਾਸੀ, ਅਬੋਹਰ ਮਿਲਟਰੀ ਸਟੇਸ਼ਨ ਵਿੱਚ ਕੈਪਟਨ ਵਜੋਂ ਤਾਇਨਾਤ ਸੀ। ਉਸ ਦੀ ਪਤਨੀ ਸ਼ਵੇਤਾ ਸਿੰਘ ਦੀ ਸਾਲ 2013 ਵਿੱਚ ਇੱਥੇ ਰਿਹਾਇਸ਼ੀ ਕੁਆਰਟਰ ਵਿੱਚ ਫਾਹਾ ਲੈ ਕੇ ਮੌਤ ਹੋ ਗਈ ਸੀ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਸੰਦੀਪ ਅਤੇ ਉਸ ਦੇ ਮਾਪਿਆਂ ਖ਼ਿਲਾਫ਼ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਗਿਆ ਸੀ। ਫੌਜ ਨੇ ਸੰਦੀਪ ਨੂੰ ਮੁਅੱਤਲ ਕਰ ਦਿੱਤਾ ਸੀ। ਫਾਜ਼ਿਲਕਾ ਦੇ ਵਧੀਕ ਜ਼ਿਲ੍ਹਾ ਜੱਜ ਦੀ ਅਦਾਲਤ ਨੇ 23 ਜੁਲਾਈ 2014 ਨੂੰ ਤੋਮਰ ਨੂੰ ਦੋਸ਼ੀ ਕਰਾਰ ਦਿੱਤਾ ਸੀ। ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ ਉਹ ਫਰਾਰ ਹੋ ਗਿਆ। ਉਸ ਨੇ ਆਪਣੀ ਪਛਾਣ ਬਦਲ ਲਈ ਅਤੇ ਛਿੰਦਵਾੜੇ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਖੁਫੀਆ ਸੂਚਨਾ ‘ਤੇ ਪੁਲਸ ਨੇ ਉਸ ਨੂੰ ਫੜ ਕੇ ਅੱਜ ਅਬੋਹਰ ਲਿਆਂਦਾ। ਉਸ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


