ਪੰਜਾਬ ਪੁਲਿਸ ਵੱਲੋਂ ‘ਯੁੱਧ ਨਸ਼ਿਆ ਵਿਰੁਧ’ ਅਤੇ ‘ਆਪ੍ਰੇਸ਼ਨ ਪ੍ਰਹਾਰ’ ਤਹਿਤ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਵਿਰੁੱਧ ਤਿੱਖੀ ਕਾਰਵਾਈ ਜਾਰੀ ਰੱਖਣ ਦੇ ਨਾਲ ਹੀ ਪੁਲਿਸ ਅਧਿਕਾਰੀ ਦੇ ਪੁੱਤਰ ਦੀ ਕਥਿਤ ਤੌਰ ‘ਤੇ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਨੇ ਜ਼ਮੀਨੀ ਹਕੀਕਤ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਗੁਰੂ ਨਾਨਕ ਪੁਰਾ ਵਾਸੀ 26 ਸਾਲਾ ਅਕਾਸ਼ਦੀਪ ਸੈਣੀ ਬੇਹੋਸ਼ੀ ਦੀ ਹਾਲਤ ‘ਚ ਪਾਇਆ ਗਿਆ ਸੀ, ਜਿਸ ਨੂੰ ਦੇਰ ਸ਼ਾਮ ਸਥਾਨਕ ਗੁੜ ਹਸਪਤਾਲ ਵਿਖੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਪੀੜਤ ਦਾ ਪਿਤਾ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਹੈ। ਮ੍ਰਿਤਕ ਦੇ ਪਿਤਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਕੁਝ ਦਿਨ ਪਹਿਲਾਂ ਹੀ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਮੁੜ ਵਸੇਬਾ ਪੂਰਾ ਕਰਕੇ ਵਾਪਸ ਆਇਆ ਸੀ। ਅਕਾਸ਼ਦੀਪ ਜੋ ਕਿ ਗ੍ਰੈਜੂਏਟ ਸੀ, ਘਟਨਾ ਤੋਂ ਪਹਿਲਾਂ ਅਦਾਲਤ ਵਿੱਚ ਪੇਸ਼ੀ ਦੇ ਸਿਲਸਿਲੇ ਵਿੱਚ ਆਪਣੇ ਇੱਕ ਦੋਸਤ ਨਾਲ ਬਾਹਰ ਗਿਆ ਹੋਇਆ ਸੀ।ਪੀੜਤ ਪਿਤਾ ਨੇ ਦੋਸ਼ ਲਾਇਆ ਕਿ ਇਲਾਕੇ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ। “ਜੇ ਨਸ਼ੇ ਆਸਾਨੀ ਨਾਲ ਉਪਲਬਧ ਹਨ, ਤਾਂ ਪੁਲਿਸ ਕੀ ਕਰ ਸਕਦੀ ਹੈ? ਮੇਰਾ ਪੁੱਤਰ ਮੁੜ ਵਸੇਬੇ ਤੋਂ ਬਾਅਦ ਆਪਣੀ ਜਾਨ ਗੁਆਉਣ ਲਈ ਵਾਪਸ ਆਇਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਸਮੱਸਿਆ ਕਿੰਨੀ ਗੰਭੀਰ ਹੈ।” ਇਸਲਾਮਾਬਾਦ ਥਾਣੇ ਦੇ ਐਸਐਚਓ ਹਰਸੰਦੀਪ ਸਿੰਘ ਨੇ ਕਿਹਾ ਕਿ ਪਿਤਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗ ਸਕੇਗਾ।


