ਫਾਜ਼ਿਲਕਾ ਪੁਲਿਸ ਨੇ ਜਲਾਲਾਬਾਦ ਸਬ-ਡਿਵੀਜ਼ਨ ਵਿੱਚ ਇੱਕ ਨਾਬਾਲਗ ਸਮੇਤ ਦੋ ਵਿਅਕਤੀਆਂ ਕੋਲੋਂ ਚਾਰ ਦਰਾਮਦ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।ਪੁਲਿਸ ਸੁਪਰਡੈਂਟ (ਜਾਂਚ) ਤਰੁਣ ਰਤਨ ਨੇ ਦੱਸਿਆ ਕਿ ਸੀਆਈਏ ਸਟਾਫ਼ ਦੀ ਟੀਮ ਨੇ ਗਸ਼ਤ ਦੌਰਾਨ ਪਿੰਡ ਸੁਖੇਰਾ ਬੋਦਲਾ ਅਤੇ ਫੱਤੂ ਵਾਲਾ ਦੇ ਵਿਚਕਾਰ ਲਿੰਕ ਸੜਕ ‘ਤੇ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਿਆ। ਪੁਲਿਸ ਨੂੰ ਦੇਖ ਕੇ ਸ਼ੱਕੀ ਵਿਅਕਤੀਆਂ ਨੇ ਕਥਿਤ ਤੌਰ ‘ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਪੁਲਿਸ ਨੇ ਚਾਰ ਨਜਾਇਜ਼ ਪਿਸਤੌਲ, ਮੈਗਜ਼ੀਨ ਅਤੇ ਸੱਤ ਜਿੰਦਾ ਕਾਰਤੂਸ ਬਰਾਮਦ ਕੀਤੇ। ਮੁਲਜ਼ਮਾਂ ਦੀ ਪਛਾਣ ਹਰਨੇਕ ਸਿੰਘ ਉਰਫ਼ ਨੇਕੀ ਅਤੇ ਇੱਕ 16 ਸਾਲਾ ਲੜਕੇ ਵਜੋਂ ਹੋਈ ਹੈ, ਦੋਵੇਂ ਪਿੰਡ ਫੱਤੂ ਵਾਲਾ ਦੇ ਵਸਨੀਕ ਹਨ। ਮੁੱਢਲੀ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਹੈ ਕਿ ਹਥਿਆਰਾਂ ਦੀ ਕਥਿਤ ਤੌਰ ’ਤੇ ਡਰੋਨ ਰਾਹੀਂ ਪਾਕਿਸਤਾਨ ਤੋਂ ਤਸਕਰੀ ਕੀਤੀ ਗਈ ਸੀ। ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


