ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ (ਜੀਜੀਐਸਐਮਸੀਐਚ), ਫਰੀਦਕੋਟ ਦੇ ਡਿਊਟੀ ਸਟਾਫ ਨੇ ਕਥਿਤ ਤੌਰ ‘ਤੇ ਇੱਕ ਅਣਪਛਾਤੇ ਮਰੀਜ਼ ਦੀ ਲਾਸ਼ ਨੂੰ ਹਸਪਤਾਲ ਦੇ ਬਾਹਰ ਸ਼ਮਸ਼ਾਨਘਾਟ ਨੇੜੇ ਸੁੱਟ ਦਿੱਤਾ। ਇਸ ਕੁਤਾਹੀ ਦਾ ਪਤਾ ਲੱਗਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਵਿੱਚ ਰਖਵਾਇਆ। ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ, ਇੱਕ ਜੂਨੀਅਰ ਰੈਜ਼ੀਡੈਂਟ (ਜੇਆਰ) ਡਾਕਟਰ – ਇੱਕ ਪਹਿਲੇ ਸਾਲ ਦੇ ਐਮਐਸ (ਸਰਜਰੀ) ਦੇ ਵਿਦਿਆਰਥੀ – ਸਮੇਤ ਸਰਜੀਕਲ ਵਾਰਡ ਵਿੱਚ ਡਿਊਟੀ ‘ਤੇ ਤਾਇਨਾਤ ਸਮੁੱਚੇ ਨਰਸਿੰਗ ਅਤੇ ਸਹਾਇਕ ਸਟਾਫ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਹਸਪਤਾਲ ਦੇ ਸਟਾਫ਼ ਵੱਲੋਂ ਲਾਸ਼ ਨੂੰ ਵ੍ਹੀਲ ਚੇਅਰ ‘ਤੇ ਸ਼ਮਸ਼ਾਨਘਾਟ ਵੱਲ ਧੱਕਦੇ ਦਿਖਾਈ ਦੇਣ ਵਾਲੀ ਸੀਸੀਟੀਵੀ ਵੀਡੀਓ ਫੁਟੇਜ ਬਰਾਮਦ ਕਰਕੇ ਫ਼ਰੀਦਕੋਟ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਮੈਡੀਕਲ ਸੁਪਰਡੈਂਟ ਡਾ: ਨੀਤੂ ਕੁੱਕੜ ਨੇ ਮੈਡੀਕਲ ਸਟਾਫ਼ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਡਾ: ਕੁੱਕੜ ਨੇ ਕਿਹਾ, “ਅਸੀਂ ਇਸ ਅਸੰਵੇਦਨਸ਼ੀਲ ਕੁਤਾਹੀ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਇੱਕ ਵਿਭਾਗੀ ਕਮੇਟੀ ਦਾ ਗਠਨ ਕੀਤਾ ਹੈ।”


