Paramjit Singh Sarna : ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਫੈਸਲੇ ’ਤੇ ਸਵਾਲ ਚੁੱਕੇ ਹਨ। ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ,ਜੋ ਫੈਸਲਾ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆਂ ਕਰਾਰ ਦੇਣ ਦਾ ਕੀਤਾ ਗਿਆ ਹੈ
Paramjit Singh Sarna : ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਫੈਸਲੇ ’ਤੇ ਸਵਾਲ ਚੁੱਕੇ ਹਨ। ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ,ਜੋ ਫੈਸਲਾ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆਂ ਕਰਾਰ ਦੇਣ ਦਾ ਕੀਤਾ ਗਿਆ ਹੈ,ਇਹ ਸਿੱਖ ਰਵਾਇਤਾਂ ਦੇ ਉਲਟ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣ ਵਾਲਾ ਹੈ ਕਿਉਂਕਿ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਕੋਲ ਇਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਕਿ ਉਹ ਕਿਸੇ ਵੀ ਸਿੱਖ ਨੂੰ ਇਸ ਤਰ੍ਹਾਂ ਤਨਖਾਹੀਆ ਕਰਾਰ ਦੇ ਸਕਣ।
ਇਹ ਫੈਸਲਾ ਪਰਦੇ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਵਲੋਂ ਸਿੱਖ ਰਵਾਇਤਾਂ ਤੇ ਪਰੰਪਰਾਵਾਂ ਨੂੰ ਢਾਹ ਲਗਾਉਣ ਲਈ ਕੀਤਾ ਗਿਆ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਬਾਰੇ ਵੀ ਜੋ ਫੈਸਲਾ ਇਹਨਾਂ ਨੇ ਕੀਤਾ ਸੀ ਉਹ ਵੀ ਬਿਨਾਂ ਸ਼ੱਕ ਸਿੱਖ ਵਿਰੋਧੀ ਤਾਕਤਾਂ ਦੇ ਇਸ਼ਾਰਿਆਂ 'ਤੇ ਕੀਤਾ ਗਿਆ ਸੀ। ਇਹਨਾਂ ਫੈਸਲਿਆਂ ਦਾ ਨਾ ਕੋਈ ਆਧਾਰ ਹੈ ਤੇ ਨਾ ਕੋਈ ਅਧਿਕਾਰ ਹੈ ਕਿਉਂਕਿ ਹਰੇਕ ਤਖ਼ਤ ਸਾਹਿਬ ਤੋਂ ਉਸ ਇਲਾਕੇ ਨਾਲ ਸਬੰਧਤ ਧਾਰਮਿਕ ਮਸਲੇ 'ਤੇ ਵਿਚਾਰੇ ਜਾ ਸਕਦੇ ਹਨ ਤੇ ਉਹਨਾਂ ਬਾਰੇ ਫੈਸਲਾ ਵੀ ਹੋ ਸਕਦਾ ਹੈ ਪਰ ਸਾਂਝੇ ਕੌਮੀ ਮਸਲੇ ਸਿਰਫ 'ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੀ ਹੋ ਸਕਦੇ ਹਨ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਤੇ ਪ੍ਰਬੰਧਕਾਂ ਵੱਲੋਂ ਬੇਗਾਨੇ ਹੱਥਾਂ ਵਿੱਚ ਖੇਡਦੇ ਹੋਏ ਇਹੋ ਜਿਹੇ ਆਪ ਹੁਦਰੇ ਫੈਸਲੇ ਕਰਨਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਆਪ ਸਾਜੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੀ ਨਿਰਾਦਰ ਹੈ ।
ਇਸ ਤੋਂ ਪਹਿਲਾਂ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਤਨਖਾਹੀਆਂ ਕਰਾਰ ਦਿੱਤਾ ਗਿਆ ਤੇ ਉਸ ਵੇਲੇ ਸੁਖਬੀਰ ਸਿੰਘ ਬਾਦਲ ਨੇ ਸਭ ਤੋਂ ਅੱਗੇ ਹੋ ਕੇ ਧਾਰਮਿਕ ਸਜ਼ਾ ਨਿਮਾਣੇ ਸਿੱਖ ਵਜੋਂ ਪੂਰੀ ਕੀਤੀ ਤੇ ਪੰਥ ਦੇ ਵਡੇਰੇ ਹਿੱਤਾਂ ਲਈ ਹਰ ਗੱਲ ਆਪਣੀ ਝੋਲੀ ਪਵਾਈ ਤੇ ਧਾਰਮਿਕ ਸਜ਼ਾ ਪੂਰੀ ਕਰਕੇ ਪੰਥ ਦੇ ਵਿਹੜੇ ਸੁਰਖ਼ਰੂ ਹੋ ਕੇ ਆਏ ਪਰ ਹੁਣ ਜਾਣ ਬੁਝਕੇ ਫੇਰ ਉਹਨਾਂ ਦਾ ਅਕਸ ਵਿਗਾੜਨ ਲਈ ਇਹੋ ਜਿਹੇ ਬੇਦਲੀਲੇ ਮਸਲੇ ਪੈਦਾ ਕੀਤੇ ਜਾ ਰਹੇ ਹਨ ।
ਇਹੋ ਜਿਹੇ ਮਸਲੇ ਨਾ ਪੈਦਾ ਹੋਣ 'ਤੇ ਸਮੁੱਚੀ ਸਿੱਖ ਕੌਮ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਲ ਪਹਿਲਾਂ ਹੀ ਮਿਤੀ 19 ਨਵੰਬਰ 2003 ਨੂੰ ਉਸ ਵੇਲੇ ਦੇ ਪੰਜੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨਾਂ ਵੱਲੋਂ ਇਹ ਗੁਰਮਤਾ ਕੀਤਾ ਗਿਆ ਸੀ ਕਿ ,“ ਸਿੱਖ ਪਰੰਪਰਾ ਅਨੁਸਾਰ ਚਾਰ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਸਥਾਨਕ ਪੱਧਰ ਦੇ ਧਾਰਮਿਕ , ਸਮਾਜਿਕ ਤੇ ਸੱਭਿਆਚਾਰਕ ਮਸਲਿਆਂ ਬਾਰੇ ਫੈਸਲਾ ਕਰਨ ਦਾ ਅਧਿਕਾਰ ਹੈ ਪਰ ਸਮੁੱਚੇ ਪੰਥ ਨਾਲ ਸਬੰਧਤ ਅਤੇ ਵਿਸ਼ਵ ਵਿਆਪੀ ਮਸਲੇ ਪੰਜ ਜਥੇਦਾਰ ਸਾਹਿਬਾਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੈਠ ਕੇ ਵਿਚਾਰਨ 'ਤੇ ਅੰਤਿਮ ਫੈਸਲਾ ਲੈਣ ਦਾ ਅਧਿਕਾਰ ਹੈ।” ਇਹ ਗੁਰਮਤਾ ਦੱਸਦਾ ਹੈ ਕਿ ਇਸ ਤਰ੍ਹਾਂ ਦੇ ਮਸਲਿਆਂ ਬਾਰੇ ਫੈਸਲਾ ਲੈਣਾ ਦਾ ਉਹਨਾਂ ਨੂੰ ਕੋਈ ਅਧਿਕਾਰ ਨਹੀਂ।
ਸੋ ਇਸ ਲਈ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਤੇ ਪ੍ਰਬੰਧਕਾਂ ਵੱਲੋਂ ਕੁਝ ਸਿਆਸੀ ਧਿਰਾਂ, ਅਹੁਦੇ ਤੋਂ ਹਟਾਏ ਜਥੇਦਾਰਾਂ ਤੇ ਬਾਗੀਆਂ ਸਮੇਤ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ ‘ਚ ਖੇਡਦੇ ਹੋਏ ਕੀਤੇ ਲੱਗਦੇ ਹਨ ਪਰ ਇਹੋ ਜਿਹੇ ਫੈਸਲੇ ਕਰਨਾ ਕੌਮ ਨੂੰ ਢਾਹ ਲਗਾਉਣ ਦੀ ਕੋਸ਼ਿਸ ਤੋਂ ਬਿਨਾਂ ਹੋਰ ਕੁਝ ਨਹੀਂ। ਸਗੋਂ ਇਹ ਕੌਮ ਨੂੰ ਆਗੂ ਰਹਿਤ ਕਰਨ ਦੀ ਚਾਲ ਹੈ ਕਿਉਂਕਿ ਇਹ ਸਾਰੇ ਜਾਣਦੇ ਹਨ ਕਿ ਕੌਮ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਹੋਰ ਕੋਈ ਵੀ ਵਿਅਕਤੀ ਪੰਜਾਬ ਨੂੰ ਸਹੀ ਅਗਵਾਈ ਦੇਣ ਦੇ ਯੋਗ ਨਹੀਂ। ਇਸ ਲਈ ਵਾਰ -ਵਾਰ ਸਿਧੇ ਅਸਿੱਧੇ ਤਰੀਕੇ ਨਾਲ ਉਹਨਾਂ ਦਾ ਅਕਸ ਖਰਾਬ ਕਰਨ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ ਪਰ ਅਜਿਹੀਆਂ ਚਾਲਾਂ ਸਫਲ ਨਹੀਂ ਹੋਣਗੀਆਂ ਕਿਉਂਕਿ ਇਹ ਚਾਲਾਂ ਚੱਲਣ ਵਾਲਿਆਂ ਨਾਲ ਨਿਬੜਨਾ ਕੌਮ ਚੰਗੀ ਤਰ੍ਹਾਂ ਜਾਣਦੀ ਹੈ।
ਅਜਿਹੇ ਫੈਸਲੇ ਲੈਣ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਮੁੱਚੇ ਗੁਰੂ ਪੰਥ ਨਾਲ ਟੱਕਰ ਲੈਣ ਦੀ ਬਜਾਏ ਇਹਨਾਂ ਫੈਸਲਿਆਂ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਖਿਮਾ ਜਾਚਨਾ ਕਰਨੀ ਚਾਹੀਦੀ ਹੈ। ਨਹੀਂ ਤੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸਥਾਨ ਤੇ ਬੈਠ ਕੇ ਉਹ ਪੰਥ ਵਿੱਚ ਬਖੇੜ ਪਾਉਣ ਲਈ ਇਹੋ ਜਿਹੀਆਂ ਗੱਲਾਂ ਕਰ ਰਹੇ ਹਨ। ਉਸਦਾ ਹਿਸਾਬ ਦਸਵੇਂ ਪਾਤਸ਼ਾਹ ਦੀ ਕਚਹਿਰੀ ਵਿੱਚ ਉਹਨਾਂ ਨੂੰ ਜ਼ਰੂਰ ਦੇਣਾ ਪਵੇਗਾ।
- PTC NEWS