Smart Ration Card: ਪੰਜਾਬ ਦੇ ਸਮਾਰਟ ਰਾਸ਼ਨ ਕਾਰਡ ਸਕੀਮ ਦੇ 31 ਲੱਖ ਮੈਂਬਰਾਂ ਨੂੰ ਪਹਿਲੀ ਜੁਲਾਈ ਤੋਂ ਮੁਫ਼ਤ ਅਨਾਜ ਨਹੀਂ ਮਿਲੇਗਾ। ਕੇਂਦਰ ਸਰਕਾਰ ਵੱਲੋਂ ਵਾਰ ਵਾਰ ਮੌਕੇ ਦਿੱਤੇ ਗਏ ਪਰ ਪੰਜਾਬ ਦੇ ਇਨ੍ਹਾਂ ਲੱਖਾਂ ਮੈਂਬਰਾਂ ਨੇ ਈਕੇਵਾਈਸੀ ਪ੍ਰਮਾਣਿਕਤਾ ਨਹੀਂ ਕਰਵਾਈ। ਜੁਲਾਈ ਤੋਂ ਸਤੰਬਰ ਦੀ ਤਿਮਾਹੀ ਲਈ ਇਨ੍ਹਾਂ 31.39 ਲੱਖ ਮੈਂਬਰਾਂ ਨੂੰ ਮੁਫ਼ਤ ਅਨਾਜ ਦੀ ਐਲੋਕੇਸ਼ਨ ਨਹੀਂ ਹੋਵੇਗੀ।
Smart Ration Card: ਪੰਜਾਬ ਦੇ ਸਮਾਰਟ ਰਾਸ਼ਨ ਕਾਰਡ ਸਕੀਮ ਦੇ 31 ਲੱਖ ਮੈਂਬਰਾਂ ਨੂੰ ਪਹਿਲੀ ਜੁਲਾਈ ਤੋਂ ਮੁਫ਼ਤ ਅਨਾਜ ਨਹੀਂ ਮਿਲੇਗਾ। ਕੇਂਦਰ ਸਰਕਾਰ ਵੱਲੋਂ ਵਾਰ ਵਾਰ ਮੌਕੇ ਦਿੱਤੇ ਗਏ ਪਰ ਪੰਜਾਬ ਦੇ ਇਨ੍ਹਾਂ ਲੱਖਾਂ ਮੈਂਬਰਾਂ ਨੇ ਈਕੇਵਾਈਸੀ ਪ੍ਰਮਾਣਿਕਤਾ ਨਹੀਂ ਕਰਵਾਈ। ਜੁਲਾਈ ਤੋਂ ਸਤੰਬਰ ਦੀ ਤਿਮਾਹੀ ਲਈ ਇਨ੍ਹਾਂ 31.39 ਲੱਖ ਮੈਂਬਰਾਂ ਨੂੰ ਮੁਫ਼ਤ ਅਨਾਜ ਦੀ ਐਲੋਕੇਸ਼ਨ ਨਹੀਂ ਹੋਵੇਗੀ।
ਕੇਂਦਰ ਸਰਕਾਰ ਨੇ ਪਹਿਲਾਂ ਕਾਰਡ ਧਾਰਕਾਂ ਨੂੰ 31 ਮਾਰਚ ਤੱਕ ਈਕੇਵਾਈਸੀ ਕਰਵਾਉਣ ਦਾ ਸਮਾਂ ਦਿੱਤਾ ਸੀ। ਉਸ ਮਗਰੋਂ ਸੂਬਾ ਸਰਕਾਰ ਨੇ ਪੱਤਰ ਲਿਖਿਆ ਸੀ, ਜਿਸ ਵਜੋਂ ਕੇਂਦਰ ਸਰਕਾਰ ਨੇ ਈਕੇਵਾਈਸੀ ਕਰਵਾਉਣ ਲਈ ਸਮਾਂ 30 ਜੂਨ ਤੱਕ ਵਧਾ ਦਿੱਤਾ ਸੀ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਦੇ 1.59 ਕਰੋੜ ਮੈਂਬਰ ਹਨ, ਜਿਨ੍ਹਾਂ ’ਚੋਂ 1.25 ਕਰੋੜ ਮੈਂਬਰਾਂ ਨੇ ਫਿੰਗਰ ਪ੍ਰਿੰਟ ਕਰਵਾ ਕੇ ਆਪਣੀ ਈਕੇਵਾਈਸੀ ਕਰਵਾ ਲਈ ਹੈ, ਜਦਕਿ 31.39 ਲੱਖ ਮੈਂਬਰਾਂ ਨੇ ਈਕੇਵਾਈਸੀ ਪ੍ਰਮਾਣਿਕਤਾ ਨਹੀਂ ਕਰਵਾਈ।
ਕੇਂਦਰ ਨੇ ਫ਼ੈਸਲਾ ਕੀਤਾ ਹੈ ਕਿ ਸਿਰਫ਼ ਈਕੇਵਾਈਸੀ ਕਰਵਾਉਣ ਵਾਲੇ ਮੈਂਬਰਾਂ ਨੂੰ ਹੀ ਰਾਸ਼ਨ ਮਿਲੇਗਾ। ਸਵਾ ਕੁ ਮਹੀਨਾ ਪਹਿਲਾਂ 31 ਮਈ ਤੱਕ 33 ਲੱਖ ਮੈਂਬਰ ਈਕੇਵਾਈਸੀ ਲਈ ਨਹੀਂ ਆਏ ਪਰ ਬਾਅਦ ਵਿੱਚ ਸਵਾ ਕੁ ਮਹੀਨੇ ’ਚ ਕਰੀਬ 1.61 ਲੱਖ ਮੈਂਬਰ ਆਪਣੀ ਈਕੇਵਾਈਸੀ ਕਰਵਾ ਗਏ। ਹੁਣ ਕਰੀਬ 20 ਫ਼ੀਸਦ ਮੈਂਬਰ ਪਹਿਲੀ ਜੁਲਾਈ ਤੋਂ ਬਾਅਦ ਵਾਲੇ ਰਾਸ਼ਨ ਤੋਂ ਵਾਂਝੇ ਰਹਿ ਜਾਣਗੇ। ਮਾਝੇ ਅਤੇ ਦੁਆਬੇ ਦੇ ਜ਼ਿਲ੍ਹੇ ਇਸ ਮਾਮਲੇ ’ਚ ਜ਼ਿਆਦਾ ਪਛੜੇ ਹਨ।
ਅੰਮ੍ਰਿਤਸਰ ਦੇ 3.68 ਲੱਖ, ਲੁਧਿਆਣਾ ਦੇ 3.31 ਲੱਖ, ਗੁਰਦਾਸਪੁਰ ਦੇ 2.62 ਲੱਖ, ਜਲੰਧਰ ਦੇ 2.60 ਲੱਖ, ਤਰਨ ਤਾਰਨ ਦੇ 1.87 ਲੱਖ, ਹੁਸ਼ਿਆਰਪੁਰ ਦੇ 1.80 ਲੱਖ ਅਤੇ ਪਟਿਆਲਾ ਜ਼ਿਲ੍ਹੇ ਦੇ 1.60 ਲੱਖ ਮੈਂਬਰਾਂ ਨੂੰ ਪਹਿਲੀ ਜੁਲਾਈ ਤੋਂ ਬਾਅਦ ਮੁਫ਼ਤ ਰਾਸ਼ਨ ਨਹੀਂ ਮਿਲੇਗਾ। ਕੌਮੀ ਖ਼ੁਰਾਕ ਸੁਰੱਖਿਆ ਐਕਟ ਤਹਿਤ ਭਾਰਤ ਸਰਕਾਰ ਨੇ 30 ਜੂਨ ਤੱਕ ਲਾਭਪਾਤਰੀਆਂ ਲਈ ਈਕੇਵਾਈਸੀ ਪ੍ਰਮਾਣਿਕਤਾ ਕਰਵਾਉਣੀ ਲਾਜ਼ਮੀ ਕੀਤੀ ਸੀ।
ਰਾਸ਼ਨ ਕਾਰਡ ਦੇ ਬਾਇਓਮੈਟ੍ਰਿਕਸ ਤੋਂ ਇਲਾਵਾ ਰਾਸ਼ਨ ਕਾਰਡ ਦਾ ਆਧਾਰ ਨਾਲ ਲਿੰਕ ਕਰਨਾ ਵੀ ਲਾਜ਼ਮੀ ਹੈ। ਇਸ ਦਾ ਮਕਸਦ ਸਿਰਫ਼ ਅਯੋਗ ਮੈਂਬਰਾਂ ਦੀ ਛਾਂਟੀ ਕਰਨਾ ਹੈ। ਚੇਤੇ ਰਹੇ ਕਿ ਪਿਛਲੇ ਸਮੇਂ ਦੌਰਾਨ ਸੂਬਾ ਸਰਕਾਰ ਨੇ ਲਾਭਪਾਤਰੀਆਂ ਦੀ ਫਿਜ਼ੀਕਲ ਪੜਤਾਲ ਵੀ ਕਰਵਾਈ ਸੀ ਅਤੇ ਇਸ ਪੜਤਾਲ ਵਿੱਚ ਵੱਡੀ ਗਿਣਤੀ ਲਾਭਪਾਤਰੀ ਅਯੋਗ ਨਿਕਲੇ ਸਨ।ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਮੈਂਬਰਾਂ ਨੇ ਹਾਲੇ ਤੱਕ ਈਕੇਵਾਈਸੀ ਨਹੀਂ ਕਰਵਾਈ, ਉਨ੍ਹਾਂ ਨੂੰ ਜੁਲਾਈ-ਸਤੰਬਰ ਦੀ ਤਿਮਾਹੀ ਵਾਲਾ ਰਾਸ਼ਨ ਨਹੀਂ ਮਿਲੇਗਾ।
ਜੇ ਉਹ ਮੁੜ ਈਕੇਵਾਈਸੀ ਕਰਵਾ ਲੈਂਦੇ ਹਨ ਤਾਂ ਸਤੰਬਰ ਤੋਂ ਬਾਅਦ ਵਾਲੀ ਤਿਮਾਹੀ ਵਿੱਚ ਰਾਸ਼ਨ ਬਹਾਲ ਹੋ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਕਈ ਮੌਕੇ ਦੇਣ ਦੇ ਬਾਵਜੂਦ ਕਰੀਬ 20 ਫ਼ੀਸਦ ਮੈਂਬਰ ਆਏ ਹੀ ਨਹੀਂ। ਫ਼ੀਲਡ ਸਟਾਫ਼ ਅਨੁਸਾਰ ਜਿਨ੍ਹਾਂ ਨੇ ਈਕੇਵਾਈਸੀ ਨਹੀਂ ਕਰਵਾਈ, ਉਨ੍ਹਾਂ ’ਚ ਬਹੁਤੇ ਉਹ ਮੈਂਬਰ ਹਨ, ਜੋ ਸਰਦੇ-ਪੁੱਜਦੇ ਹਨ। ਬਹੁਤੇ ਮੈਂਬਰ ਫ਼ੌਤ ਵੀ ਹੋ ਗਏ ਹਨ। ਜਿਨ੍ਹਾਂ ਦੇ ਪਰਿਵਾਰਕ ਜੀਅ ਵਿਦੇਸ਼ ਚਲੇ ਗਏ ਹਨ, ਉਹ ਵੀ ਈਕੇਵਾਈਸੀ ਕਰਾਉਣ ਨਹੀਂ ਆਏ ਹਨ।
ਛਾਂਟੀ ਮੈਂਬਰਾਂ ’ਤੇ ਜ਼ਿਲ੍ਹਾਵਾਰ ਝਾਤ
ਜ਼ਿਲ੍ਹੇ ਦਾ ਨਾਮ ਰਾਸ਼ਨ ਲਈ ਅਯੋਗ ਮੈਂਬਰ
ਅੰਮ੍ਰਿਤਸਰ 3.68 ਲੱਖ
ਲੁਧਿਆਣਾ 3.31 ਲੱਖ
ਗੁਰਦਾਸਪੁਰ 2.62 ਲੱਖ
ਜਲੰਧਰ 2.60 ਲੱਖ
ਤਰਨ ਤਾਰਨ 1.87 ਲੱਖ
ਹੁਸ਼ਿਆਰਪੁਰ 1.80 ਲੱਖ
ਬਠਿੰਡਾ 1.45 ਲੱਖ
ਸੰਗਰੂਰ 1.31 ਲੱਖ
ਫ਼ਿਰੋਜ਼ਪੁਰ 1.23 ਲੱਖ
ਮੋਗਾ 1.22 ਲੱਖ
ਕਪੂਰਥਲਾ 1.01 ਲੱਖ
ਫ਼ਾਜ਼ਿਲਕਾ 1.01 ਲੱਖ
- PTC NEWS