ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨਾਲ ਐਤਵਾਰ ਨੂੰ ਇੱਥੇ ਦੁੱਗਰੀ ਫੇਜ਼-2 ਸਥਿਤ ਵਰਿੰਦਾਵਨ ਦੁਖਾਂਤ ਦੇ ਪੀੜਤਾਂ ਦੇ ਘਰ ਜਾ ਕੇ ਜਾਨੀ ਨੁਕਸਾਨ ‘ਤੇ ਦੁੱਖ ਦਾ ਇਜ਼ਹਾਰ ਕਰਦਿਆਂ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਪਰਿਵਾਰਕ ਮੈਂਬਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਮ੍ਰਿਤਕ ਮੀਨੂੰ ਬਾਂਸਲ, ਉਸ ਦੀ ਬੇਟੀ ਡਿੰਕੀ ਬਾਂਸਲ, ਅੰਜੂ ਗੁਲਾਟੀ ਅਤੇ ਉਸ ਦਾ ਪਤੀ ਰਾਕੇਸ਼ ਗੁਲਾਟੀ। ਪਰਿਵਾਰਕ ਮੈਂਬਰਾਂ ਨੇ ਮੰਤਰੀ ਨੂੰ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਹਾਲਾਤਾਂ ਬਾਰੇ ਜਾਣੂ ਕਰਵਾਇਆ।ਪਰਿਵਾਰਕ ਮੈਂਬਰਾਂ ਅਨੁਸਾਰ ਨਾਕਾਫ਼ੀ ਸੁਰੱਖਿਆ ਉਪਾਅ ਅਤੇ ਲਾਈਫ ਜੈਕਟਾਂ ਦੀ ਅਣਹੋਂਦ ਇਸ ਦੁਖਾਂਤ ਦੇ ਮੁੱਖ ਕਾਰਨ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਅਰੋੜਾ ਨੇ ਕਿਸ਼ਤੀ ਚਲਾਉਣ ਲਈ ਜ਼ਿੰਮੇਵਾਰ ਕੰਪਨੀ ਜਾਂ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਵੀ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦੇਣ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਜਵਾਬਦੇਹ ਬਣਾਉਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।


