ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਿਹੱਕੀ ਸੇਵਾ ਟਰੱਸਟ ਯੂ.ਕੇ ਦੇ ਸੱਦੇ ‘ਤੇ ਤਿੰਨ ਦਿਨਾਂ ਦੇ ਦੌਰੇ ‘ਤੇ ਯੂਨਾਈਟਿਡ ਕਿੰਗਡਮ ਪੁੱਜੇ, ਲੰਡਨ ਦੇ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਸਥਾਨਕ ਸਿੱਖ ਸੰਗਤਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਆਪਣੀ ਤਿੰਨ ਰੋਜ਼ਾ ਫੇਰੀ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਗੁਰੂ ਗਰੀਬ ਨਿਵਾਜ, ਹੇਜ਼, ਲੰਡਨ ਵਿਖੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਯਾਦ ਵਿੱਚ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਵਿੱਚ ਸ਼ਿਰਕਤ ਕਰਨਗੇ।ਉਹ ਸੰਗਤਾਂ ਨੂੰ ਸੰਬੋਧਨ ਕਰਨਗੇ ਅਤੇ ਸਿੱਖ ਫਲਸਫੇ ਅਤੇ ਪੰਥਕ ਵਿਚਾਰਾਂ ਬਾਰੇ ਵਿਚਾਰਾਂ ਕਰਨਗੇ। ਇਸ ਧਾਰਮਿਕ ਸਮਾਗਮ ਦਾ ਆਯੋਜਨ ਨਿਹੱਕੀ ਸੇਵਾ ਟਰੱਸਟ ਯੂ.ਕੇ., ਜਥਾ ਪੰਜ ਪਿਆਰੇ ਸਾਹਿਬਾਨ ਯੂ.ਕੇ., ਗੁਰੂ ਹਰਗੋਬਿੰਦ ਸਾਹਿਬ ਟਰੱਸਟ ਯੂ.ਕੇ. ਅਤੇ ਸਥਾਨਕ ਸਿੱਖ ਸੰਗਤਾਂ ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾ ਰਿਹਾ ਹੈ।ਇਸ ਦੌਰੇ ਦੌਰਾਨ ਜਥੇਦਾਰ ਗੜਗੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਵੀ ਨਤਮਸਤਕ ਹੋਣਗੇ, ਜਿੱਥੇ ਉਹ ਸਿੱਖ ਪੰਥ ਦਰਦੀਆਂ ਨਾਲ ਪੰਥ ਦਰਦੀਆਂ ਦੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ।


