ਹਾਲ ਹੀ ਵਿੱਚ ਆਪਣੇ ਭਰਾ ਸਮੇਤ ਵਿਦੇਸ਼ ਤੋਂ ਪਰਤੇ ਇੱਕ NRI ਨੂੰ ਕੈਨੇਡਾ ਸਥਿਤ ਗੈਂਗਸਟਰ ਅਰਸ਼ ਡੱਲਾ ਵੱਲੋਂ ਧਮਕੀਆਂ ਮਿਲੀਆਂ ਹਨ। ਗੈਂਗਸਟਰ ਨੇ ਪਹਿਲਾਂ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਧਮਕੀਆਂ ਦਿੱਤੀਆਂ ਅਤੇ ਬਾਅਦ ਵਿੱਚ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਕਰਕੇ ਪਰਿਵਾਰ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ।ਪੀੜਤ ਦੀ ਸ਼ਿਕਾਇਤ ਤੋਂ ਬਾਅਦ ਸਰਾਭਾ ਨਗਰ ਪੁਲੀਸ ਨੇ ਅਰਸ਼ ਡੱਲਾ ਖ਼ਿਲਾਫ਼ ਐਫਆਈਆਰ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਸਰਾਭਾ ਨਗਰ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਐਨਆਰਆਈ ਤਕਦੀਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਕਦੀਪ ਸਿੰਘ ਹਾਲ ਹੀ ਵਿੱਚ ਵਿਦੇਸ਼ ਤੋਂ ਭਾਰਤ ਪਰਤੇ ਸਨ। ਬੇੜੇਵਾਲ ਅਵਾਨਾ ਦੇ ਵਸਨੀਕ ਨੇ ਦੋਸ਼ ਲਾਇਆ ਕਿ ਵਿਦੇਸ਼ ਵਿਚ ਰਹਿ ਰਹੇ ਗੈਂਗਸਟਰ ਅਰਸ਼ ਡੱਲਾ ਨੇ ਕੁਝ ਦਿਨ ਪਹਿਲਾਂ ਫੇਸਬੁੱਕ ‘ਤੇ ਲਾਈਵ ਹੋ ਕੇ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਅਤੇ ਧਮਕੀਆਂ ਦਿੱਤੀਆਂ ਸਨ। ਇਕ ਮਿੰਟ ਗਿਆਰਾਂ ਸੈਕਿੰਡ ਦੀ ਕਾਲ ਵਿਚ ਡੱਲਾ ਨੇ ਕਥਿਤ ਤੌਰ ‘ਤੇ ਚੇਤਾਵਨੀ ਦਿੱਤੀ ਕਿ ਉਹ ਪੂਰੇ ਪਰਿਵਾਰ ਨੂੰ ਮਾਰ ਦੇਵੇਗਾ।ਸਰਾਭਾ ਨਗਰ ਥਾਣੇ ਦੇ ਜਾਂਚ ਅਧਿਕਾਰੀ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਤਕਦੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਅਰਸ਼ ਡੱਲਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਅੱਗੇ ਦੱਸਿਆ ਕਿ ਐਨਆਰਆਈ ਦੀ ਸ਼ਿਕਾਇਤ ਤੋਂ ਬਾਅਦ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਅਰਸ਼ ਡੱਲਾ ਕੌਣ ਹੈ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਪੁੱਤਰ ਚਰਨਜੀਤ ਸਿੰਘ ਵਾਸੀ ਮੋਗਾ ਨੂੰ ਯੂ.ਏ.ਪੀ.ਏ. ਤਹਿਤ ਅੱਤਵਾਦੀ ਐਲਾਨਿਆ ਗਿਆ ਹੈ। ਉਹ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ਨਾਲ ਜੁੜਿਆ ਹੋਇਆ ਹੈ, ਅਤੇ ਹਰਦੀਪ ਸਿੰਘ ਨਿੱਝਰ ਦਾ ਬਹੁਤ ਨਜ਼ਦੀਕੀ ਮੰਨਿਆ ਜਾਂਦਾ ਹੈ। ਕੈਨੇਡਾ ਵਿੱਚ ਲੁਕੇ ਹੋਣ ਦਾ ਸ਼ੱਕ, ਅਰਸ਼ ਡੱਲਾ 90 ਤੋਂ ਵੱਧ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ ਟਾਰਗੇਟ ਕਿਲਿੰਗ, ਜਬਰੀ ਵਸੂਲੀ, ਕਤਲ, ਦਹਿਸ਼ਤੀ ਫੰਡਿੰਗ ਅਤੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਸ਼ਾਮਲ ਹੈ। ਉਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਵੱਡਾ ਵਿਰੋਧੀ ਮੰਨਿਆ ਜਾਂਦਾ ਹੈ।


