ਸ਼ਨਿੱਚਰਵਾਰ ਨੂੰ ਤੇਜ਼ ਗਰਮੀ ਵਿੱਚ ਠੰਢਾ ਹੋਣ ਦੀ ਕੋਸ਼ਿਸ਼ ਕਰਦੇ ਦੋ ਨੌਜਵਾਨ ਨਹਿਰ ਵਿੱਚ ਡੁੱਬ ਕੇ ਮਰ ਗਏ। ਮਰਨ ਵਾਲਿਆਂ ਦੀ ਸ਼ਨਾਖਤ ਗੁਰਵਿੰਦਰ ਸਿੰਘ ਵਾਸੀ ਢੈਪਈ ਅਤੇ ਸੁਖਪ੍ਰੀਤ ਸਿੰਘ ਪਿੰਡ ਭੀਖੀ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ 15-16 ਸਾਲ ਦੇ ਕਰੀਬ ਹੈ। ਸੂਤਰਾਂ ਅਨੁਸਾਰ ਦੋਵੇਂ ਦੋਸਤ ਪਿੰਡ ਸਮਾਓਂ ਅਤੇ ਢੈਪਈ ਦੇ ਵਿਚਕਾਰ ਸਥਿਤ ਭੀਖੀ ਰਜਬਾਹੇ ਵਿੱਚ ਤੈਰਾਕੀ ਕਰਨ ਗਏ ਸਨ।ਸੂਤਰਾਂ ਨੇ ਦੱਸਿਆ ਕਿ ਲੜਕੇ ਅਚਾਨਕ ਤੇਜ਼ ਕਰੰਟ ਦੀ ਲਪੇਟ ਵਿੱਚ ਆ ਕੇ ਰੁੜ੍ਹ ਗਏ। ਸੂਚਨਾ ਮਿਲਣ ’ਤੇ ਭੀਖੀ ਪੁਲੀਸ ਤੁਰੰਤ ਮੌਕੇ ’ਤੇ ਪਹੁੰਚ ਗਈ। ਕਰੀਬ ਚਾਰ ਘੰਟੇ ਦੀ ਭਾਲ ਤੋਂ ਬਾਅਦ ਗੋਤਾਖੋਰਾਂ ਦੀ ਟੀਮ ਨੇ ਪਿੰਡ ਫਰਵਾਹੀ ਨੇੜਿਓਂ ਲਾਸ਼ਾਂ ਨੂੰ ਬਾਹਰ ਕੱਢਿਆ।ਗੁਰਵਿੰਦਰ ਨੇ ਹਾਲ ਹੀ ਵਿੱਚ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਅਤੇ ਆਪਣੇ ਨਤੀਜੇ ਦੀ ਉਡੀਕ ਕਰ ਰਿਹਾ ਸੀ, ਜਦਕਿ ਸੁਖਪ੍ਰੀਤ ਸਿੰਘ ਵੀ ਆਪਣੀ ਪੜ੍ਹਾਈ ਕਰ ਰਿਹਾ ਸੀ।ਲਾਸ਼ਾਂ ਨੂੰ ਪੋਸਟਮਾਰਟਮ ਲਈ ਮਾਨਸਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।


